Saturday, September 17, 2022

ਦੂਜਾ ਮੱਸਾ ਰੰਘੜ(ਕਹਾਣੀ)ਰੂਪਸਿੰਘ ਰਾਜਪੁਰੀ9928331870 ਨਿਹੰਗ ਸਿੰਘਾਂ ਦਾ ਵੱਡਾ ਕਾਫਲਾ ਤੇਜ ਤਰਾਰ ਘੋੜਿਆਂ ਤੇ ਸਵਾਰ ਹੋਕੇ ਆਪਣੀ ਮੰਜਲ ਵੱਲ ਤੇਜੀ ਨਾਲ ਵਹੀਰਾਂ ਘੱਤ ਰਿਹਾ ਸੀ ।ਗੁਰੂ ਦੀ ਇਹ ਲਾਡਲੀ ਫੌਜ ਆਪਣੇ ਖਾਸ ਬਾਣੇ ਚ ਤਿਆਰ ਵਰ ਤਿਆਰ ਹੈ ਜਿਸ ਵਿਚ ਬਿਰਦ ,ਜਵਾਨ ,ਸਿੰਘਣੀਆਂ ਅਤੇ ਬੱਚੇ ਹੱਥਾਂ ਚ ਕ੍ਰਿਪਾਨਾਂ ਵਰਛੇ ਅਤੇ ਬੰਦੂਖਾਂ ਆਦ ਅਸ਼ਤਰ - ਸ਼ਸ਼ਤਰ ਲੈਕੇ ਖੇਡਦੇ ਹੋਏ ਅੱਗੇ ਵੱਧ ਰਹੇ ਹਨ । ਸਭ ਤੋਂ ਅੱਗੇ ਗੁਰੂ ਕਾ ਕੇਸਰੀ ਨਿਸ਼ਾਨ ਸਾਹਿਬ ਜਾ ਰਿਹਾ ਹੈ, ਉਸਤੋਂ ਪਿਛੇ ਜਵਾਨ ਸਿੰਘ ਸ਼ੂਰਵੀਰ ਗੱਤਕਾ ਖੇਡਦੇ ਹੈਰਾਨਕੁਨ ਕੌਤਕ ਕਰ ਰਹੇ ਹਨ ।ਕਰੀਬ ਸੌ ਘੋੜਿਆਂ ਦਾ ਇਹ ਜੱਥਾ ਖੇਤਾਂ ਵਿਚਾਲ ਦੀ ਨੱਕ ਦੀ ਸੀਧ ਕੁਰਾਹੇ ਚੱਲ ਰਿਹਾ ਹੈ ।ਸਾਰੇ ਘੋੜੇ ਬੜੇ ਕੀਮਤੀ ਹਨ ,ਉਹਨਾਂ ਦੇ ਪਿੰਡਆਂ ਤੋੰ ਮੱਖੀ ਤਿਲਕਦੀ ਹੈ ।ਘੋੜਿਆਂ ਤੇ ਖੁਰਜੀਆਂ ਲਦੀਆਂ ਹਨ ਜਿੰਨਾਂ ਵਿਚ ਜਰੂਰਤ ਦਾ ਸਮਾਨ ਭਰਿਆ ਹੈ ।ਰੋਟੀ ਟੁੱਕ ਲਈ ਰਾਸ਼ਨ ਪਾਣੀ ,ਸੁਖਾ ਰਗੜਨ ਆਲੇ ਕੂੰਡੇ ਘੋਟੇ ਅਤੇ ਹੋਰ ਛਿਛਪੱਤ।ਕੁਛ ਬੱਕਰੇ ਭੀ ਨਾਲ ਹੀ ਘੜੀਸੇ ਜਾ ਰਹੇ ਹਨ। ਜੱਥੇਦਾਰ ਸਾਹਿਬ ਦਾ ਘੋੜਾ ਸਭ ਤੋਂ ਅੱਗੇ ਚਲ ਰਿਹਾ ਹੈ। ਉਹਨਾਂ ਦੀ ਗੋਦ ਵਿਚ ਇਕ ਬੱਚਾ ਲਗਾਮ ਫੜੀ ਬੈਠਾ ਹੈ ਜਿਸਨੂੰ ਭੁਜੰਗੀ ਆਖ ਕੇ ਬੁਲਇਆ ਜਾ ਰਿਹਾ ਹੈ ।ਜੱਥੇਦਾਰ ਜੀ ਅਤੇ ਭੁਜੰਗੀ ਵਿਚਾਲੇ ਵਾਰਤਾਲਾਪ ਜਾਰੀ ਹੈ। "ਅਸੀਂ ਕਿੱਥੇ ਜਾ ਰਹੇ ਹਾਂ ਜੱਥੇਦਾਰ ਜੀ?" " ਬੁੱਢਾਜੋਹੜ ਜਾ ਰਹੇ ਹਾਂ ਸਿੰਘ ਸਾਹਿਬ ਜੀ ।" ਜੱਥੇਦਾਰ ਸਾਹਿਬ ਭੁਜੰਗੀ ਨਾਲ ਬੜੇ ਪਿਆਰ ਨਾਲ ਪੇਸ਼ ਆ ਰਹੇ ਹਨ । "ਬੁੱਢਾ ਜੋਹੜ ਕਿੰਨੀ ਦੂਰ ਹੈ ਜੱਥੇਦਾਰ ਜੀ ?"ਭੁਜੰਗੀ ਉਹਨਾਂ ਵੱਲ ਦੇਖਕੇ ਸਵਾਲ ਪੁੱਛਦਾ ਹੈ । "ਅਸੀਂ ਰਾਜਪੂਤਾਨਾ ਦੀ ਵੀਰ ਭੋਮ ਪਹੁੰਚ ਗਏ ਹਾਂ ,ਹੁਣ ਜਿਆਦਾ ਦੂਰ ਨਹੀਂ ਸਾਡੀ ਮੰਜਲ ।"ਜੱਥੇਦਾਰ ਜੀ ਸਾਮਣੇ ਦੇਖਦੇ ਹੋਏ ਬੋਲੇ । "ਅਸੀਂ ਉੱਥੇ ਕਿਉ ਜਾ ਰਹੇ ਹਾਂ ਜੀ " ਭੁਜੰਗੀ ਨੇ ਇੱਕ ਹੋਰ ਸਵਾਲ ਕੀਤਾ ।" ਅਸੀਂ ਸਾਡੇ ਵੱਡ- ਵਡੇਰੇ ਭਾਈ ਸੁੱਖਾਸਿੰਘ ਮਹਿਤਾਬ ਸਿੰਘ ਹੋਰਾਂ ਦੀ ਬਰਸੀ ਮਨਾਉਣ ਉਥੇ ਜਾ ਰਿਹੇ ਹਾਂ ਸਿੰਘ ਸਾਹਿਬ ਜੀਉ ।"ਜੱਥੇਦਾਰ ਜੀ ਦਾ ਘੋੜਾ ਹਵਾ ਨਾਲ ਗੱਲਾਂ ਕਰਦਾ ਜਾ ਰਿਹਾ ਸੀ ।ਭਾਈ ਸੁੱਖਾਸਿੰਘ ਮਹਿਤਾਬ ਸਿੰਘ ਕੌਣ ਸਨ ।"ਭੁਜੰਗੀ ਦੀ ਜਿਗਿਆਸਾ ਵੱਧਦੀ ਜਾ ਰਹੀ ਸੀ।"ਉਹਨਾਂ ਝੁਝਾਰੂ ਸਿੰਘਾਂ ਨੇ ਸਿੱਖ ਕੌਮ ਦੇ ਦੋਸ਼ੀ ਮੱਸਾ ਰੰਘੜ ਦਾ ਸਿਰ ਵੱਡ ਕੇ ਬੁੱਢਾ ਜੋਹੜ ਲਿਆਂਦਾ ਸੀ ।""ਮੱਸਾ ਰੰਘੜ ਕੌਣ ਸੀ "ਭੁਜੰਗੀ ਸਵਾਲ ਤੇ ਸਵਾਲ ਪੁੱਛ ਰਿਹਾ ਸੀ ।ਜੱਥੇਦਾਰ ਜੀ ਸਿਆਣੇ ਟੀਚਰ ਵਾਂਗ ਉੱਤਰ ਦੇ ਰਹੇ ਹਨ ।"ਸਿੱਖ ਕੌਮ ਨੇ ਆਪਣੇ ਵਜੂਦ ਵਿਚ ਆਉਣ ਤੋੰ ਕੁਛ ਸਮੇ ਬਾਅਦ ਹੀ ਵਥੇਰੀਆਂ ਔਕੜਾਂ ਝੱਲੀਆਂ ।ਉਹਨਾਂ ਦੇ ਜਾਨ ਮਾਲ ਤੇ ਹਮਲੇ ਹੋਣ ਲਗ ਪਏ ।ਇਹ ਸਮਝੋ ਬੀਜ ਨਾਸ ਦੀ ਨੌਬਤ ਆ ਗਈ ਸੀ ।ਤੱਦ ਧੁਰ ਪੰਜਾਬ ਤੋਂ ਖਾਲਸੇ ਮਾਰੂਥਲਾਂ ਵਿੱਚ ਆਕੇ ਰਹਿਣ ਲੱਗ ਪਏ ।ਦਸ਼ਮੇਸ਼ ਪਿਤਾਜੀ ਤੋਂ ਬਾਅਦ ਮੁਗਲੀਆ ਸਲਤਨਤ ਨੂੰ ਸਿੰਘਾਂ ਦੀ ਵਧਦੀ ਤਾਕਤ ਦਾ ਡਰ ਸਤਾਉਣ ਲੱਗਾ ਸੀ ਕਿ ਸਾਨੂੰ ਸਿੰਘ ਹੀ ਸ਼ਿਕਸਤ ਦੇ ਸਕਦੇ ਹਨ ਹੋਰ ਕੋਈ ਨਹੀਂ ।ਸਰਕਾਰੀ ਹੁਕਮ ਹੋ ਗਿਆ ਕਿ ਕਿਸੇ ਸਿੰਘ ਦਾ ਸਿਰ ਵੱਡ ਲਿਆਉ ਤੇ ਭਾਰੀ ਇਨਾਮ ਪਾਓ ।ਕਿਹਾ ਜਾਂਦਾ ਹੈ ਅੱਸੀ ਰੁਪਈਏ ਸਿੱਖ ਦੇ ਸਿਰ ਦੇ ਕੀਮਤ ਹੋ ਗਈ ਸੀ ।ਗੈਰ ਸਿਖਾਂ ਨੂੰ ਕਾਰੋਬਾਰ ਮਿਲ ਗਿਆ ।ਸਿਖਾਂ ਦੀ ਪਹਿਚਾਣ ਕੇਸ ਦਾੜੀ ਕਾਰਣ ਛੇਤੀ ਹੋ ਜਾਂਦੀ ਹੈ ।ਬੁਹੁਤੇਰੇ ਬੇਦੋਸ਼ੇ ਸਿੰਘ ਮੌਤਦੇ ਘਾਟ ਉਤਾਰ ਦਿੱਤੇ ਗਏ ।ਜੋ ਬਚ ਗਏ ਉਹ ਘਰਤੋਂ ਸੈਂਕੜੇ ਕੋਹਾਂ ਦੂਰ ਮਾਰੂਥਲ ਵਿੱਚ ਬੁੱਢਾ ਜੋਹੜ ਕੋਲ ਆਕੇ ਰਹਿਣ ਲੱਗ ਪਏ ।ਇੱਥੇ ਪੀਣ ਨੂੰ ਪਾਣੀ ਅਤੇ ਲੁੱਕਣ ਲਈ ਬੀਆਬਾਨ ਸੀ ।ਘੋੜਿਆਂ ਦੀ ਪਿੱਠ ਤੇ ਹੀ ਘਰ ਬਣਾ ਲਏ। ਉਸ ਵਕਤ ਪੰਜਾਬ ਦਾ ਹੁਕਮਰਾਨ ਮੱਸਾ ਰੰਘੜ ਬੜਾ ਜਾਲਮ ਕਿਸਮ ਦਾ ਬੰਦਾ ਸੀ ਜੋ ਸਿੱਖਾਂ ਤੇ ਬਹੁਤ ਜ਼ੁਲਮ ਕਰਦਾ ਸੀ ।ਉਸਨੇ ਅਮ੍ਰਿਤਸਰ ਦੇ ਪਵਿਤਰ ਹਰਿਮੰਦਿਰ ਸਾਹਿਬ ਨੂੰ ਆਪਣੀ ਐਸ਼ਗਾਹ ਬਣਾ ਲਿਆ ਜਿੱਥੇ ਬੈਠਕੇ ਉਹ ਸ਼ਰਾਬਾਂ ਪੀਂਦਾ,ਕੰਜਰੀਆਂ ਦੇ ਨਾਚ ਦੇਖਦਾ ।ਉਸਨੇ ਪਾਵਨ ਸਰੋਵਰ ਨੂੰ ਭੀ ਮਿੱਟੀ ਨਾਲ ਭਰ ਦਿੱਤਾ।ਉਸਨੂੰ ਸ਼ੱਕ ਸੀ ਕਿ ਇਸ ਪਾਣੀ ਨਾਲ ਇਸ਼ਨਾਨ ਕਰਕੇ ਸਿੰਘ ਤਾਕਤਵਰ ਬਣਦੇ ਹਨ ।ਪੂਜਾ ਪਾਠ ਬੰਦ ਕਰਵਾ ਦਿੱਤਾ ।ਜਦੋੰ ਸਾਰੇ ਹਾਲਾਤ ਦੀ ਇਤਲਾਹ ਬੁੱਢਾ ਜੋਹੜ ਰਹਿਣ ਆਲੇ ਸਿੰਘਾਂ ਨੂੰ ਮਿਲੀ ਤਾਂ ਉਹਨਾਂ ਦਾ ਖੂਨ ਉਬਾਲੇ ਮਾਰਨ ਲੱਗਾ। ਭਾਈ ਸੁੱਖਾਸਿੰਘ ਮਹਿਤਾਬ ਸਿੰਘ ਇਹ ਕਸਮ ਖਾ ਕੇ ਉਥੋਂ ਚੱਲੇ ਕਿ ਅਸੀਂ ਮੱਸੇ ਦਾ ਸਿਰ ਵੱਡ ਕੇ ਲਿਆਵਾਂਗੇ ਜਾਂ ਮਰ ਜਾਵਾਂਗੇ । ਉਹਨਾਂ ਨੇ ਬੜੀ ਬਹਾਦਰੀ ਨਾਲ ਉਸਦਾ ਸਿਰ ਵਡਿਆ ਉਸਦੇ ਸਿਪਾਹੀਆਂ ਦਾ ਮੁਕਾਬਲਾ ਕਰਦੇ ਹੋਏ ਓਹ ਬਾਪਿਸ ਬੁੱਢਾ ਜੋਹੜ ਪਰਤ ਆਏ ।ਓਹਨਾ ਵੀਰ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਹਰ ਸਾਲ ਭਰਦਾ ਹੈ ਅਸੀਂ ਉੱਥੇ ਜਾ ਰਹੇ ਹਾਂ ।" ਜਥੇਦਾਰ ਜੀ ਨੇ ਖੁਲਾਸੇ ਨਾਲ ਵਿਓਰਾ ਦਿੱਤਾ।ਭੁਜੰਗੀ ਨੂੰ ਨਵਾਂ ਗਿਆਨ ਮਿਲਿਆ ।ਉਸਦੀਆਂ ਸਬ ਜਿਗਿਆਸਾਵਾਂ ਸ਼ਾਂਤ ਹੋ ਗਈਆਂ ।ਕਾਫਲਾ ਅੱਗੇ ਵਧਦਾ ਰਿਹਾ । **** ******* /*******ਸਰਦਾਰ ਸੁਦਾਗਰ ਸਿੰਘ ਕਿਸੇ ਸਿਆਸੀ ਪਾਰਟੀ ਦਾ ਆਗੂ ਤਾਂ ਨਹੀਂ ਸੀ ਪਰ ਸਬ ਪਾਰਟੀਆਂ ਦੇ ਬੰਦੇ ਉਸ ਕੋਲ ਆਉਂਦੇ ਜਾਂਦੇ ਰਹਿੰਦੇ ਸਨ ।ਇਲਾਕੇ ਵਿੱਚ ਬਡ਼ਾ ਮਾਨ ਸਨਮਾਨ ਸੀ ।ਅੱਠ ਮੁਰੱਬੇ ਜਮੀਨ ਦਾ ਮਾਲਕ ਹੋਣ ਦੇ ਬਾਵਜੂਦ ਘਮੰਡ ਰੱਤੀ ਭਰ ਭੀ ਨਾ ਸੀ ।ਹਰ ਲੋੜਵੰਦ ਦੀ ਮਦਦ ਕਰਨੀ,ਸਬ ਨਾਲ ਖਿੜੇ ਮੱਥੇ ਮਿਲਣਾ ਅਤੇ ਨਿਮਰਤਾ ਨਾਲ ਪੇਸ਼ ਆਉਣਾ ਉਹਨਾਂ ਦੀ ਆਦਤ ਸੀ ।ਸੱਠ ਸਾਲ ਦੀ ਉਮਰ ਹੈ ਪਰ ਜਵਾਨਾਂ ਵਰਗਾ ਜੋਸ਼ ਸੀ ।ਤੰਦਰੁਸਤੀ ਵਿਚ ਕੋਈ ਕਮੀ ਨਹੀਂ ਹੈ ।ਦੋਨਾਂ ਪੁਤਰਾਂ ਨੇ ਕੱਮ ਕਾਰ ਸਾਂਭ ਰਖਿਆ ਹੈ ਫੇਰ ਭੀ ਖੇਤੀ ਦੀ ਨਿਗਰਾਨੀ ਆਪ ਕਰਦੇ ਹਨ ।ਉਹ ਇਲਾਕੇ ਦੇ ਨਾਮੀ ਜਗੀਰਦਾਰ ਹਨ ।ਉਹਨਾਂ ਦੀ ਧਰਮਪਤਨੀ ਭੀ ਧਾਰਮਿਕ ਖਿਆਲਾਂ ਦੀ ਸਿਆਣੀ ਔਰਤ ਹਨ।ਰੋਜ ਗੁਰਦਵਾਰੇ ਜਾਕੇ ਮੱਥਾ ਟੇਕਕੇ ਘਰ ਦੇ ਕੰਮਾਂ ਨੂੰ ਹੱਥ ਲਾਉਂਦੇ ਹਨ ।।ਸਰਦਾਰਨੀ ਜੀ ਭੀ ਬੜੇ ਚੰਗੇ ਸੁਭਾਅ ਵਾਲੇ ਹਨ ।ਉਹ ਦੋਨੇ ਜੀਅ ਹਰ ਸਾਲ ਤੀਰਥ ਯਾਤਰਾ ਤੇ ਜਾਂਦੇ ਹਨ ਪਿੱਛੇ ਬੇਟੇ ,ਬਹੂਆਂ ਪੋਤੇ ਪੋਤੀਆਂ ਹੀ ਘਰ ਵਿਚ ਰਹਿ ਜਾਂਦੇ ਹਨ ।ਸੁਦਾਗਰ ਸਿੰਘ ਦੇ ਸਹੁਰਾ ਸਾਹਿਬ ਦੇ ਅਕਾਲ ਚਲਾਣੇ ਪਿੱਛੋਂ ਉਹਨਾਂ ਦੀ ਸੱਸ ਕੱਲੀ ਰਹਿ ਗਈ ਹੈ ਉਹ ਭੀ ਵੱਡੀ ਸਰਦਾਰਨੀ ਅਤੇ ਚਾਰ ਮੁਰੱਬਿਆਂ ਦੀ ਮਾਲਕ ਹੈ।ਸਰਦਾਰ ਸਾਹਿਬ ਦੀ ਘਰਵਾਲੀ ਹੀ ਉਸ ਜਾਇਦਾਦ ਦੀ ਇਕੱਲੀ ਵਾਰਸ ਹੈ ।ਸਬ ਚਾਹੁੰਦੇ ਹਨ ਵੱਡੇ ਮਾਤਾ ਜੀ ਇਨ੍ਹਾ ਕੋਲ ਆਕੇ ਰਹਿਣ ,ਪਰ ਪੁਰਾਣੇ ਖਿਆਲਾਂ ਵਾਲੀ ਵਿਰਦ ਮਾਤਾ ਧੀ ਦੇ ਘਰ ਬੈਠਣ ਲਈ ਤਿਆਰ ਨਾ ਹੋਈ ।ਦੇਰ ਸਵੇਰ ਸਹੁਰਿਆਂ ਦੀ ਸੌ ਘੁਮਾ ਭੀ ਉਜਾਗਰ ਸਿੰਘ ਨੂੰ ਹੀ ਮਿਲਣੀ ਸੀ।ਸੱਸ ਦੇ ਕਹਿਣ ਤੇ ਹੀ ਸਰਦਾਰ ਸਾਹਿਬ ਹੀ ਉਸ ਪੈਲੀ ਨੂੰ ਸਮ੍ਹਾਲ ਰਹੇ ਹਨ ।ਉਨ੍ਹਾਂ ਦੇ ਦੋ ਪੁੱਤਰ ਹਨ ਸੋਹਨ ਸਿੰਘ ਅਤੇ ਮੋਹਨ ਸਿੰਘ । ਵੱਡਾ ਪੁੱਤਰ ਸੋਹਣ ਸਿੰਘ ਆਪਣਾ ਪਰਿਵਾਰ ਨਾਲ ਰੱਖਕੇ ਨਾਨੀ ਅਤੇ ਉਸਦੀ ਜਮੀਨ ਦੀ ਸਮ੍ਹਾਲ ਕਰ ਰਿਹਾ ਹੈ ।ਦੋਨੇ ਥਾਈਂ ਸਰਦਾਰ ਸਾਹਿਬ ਨਿਗਾਹ ਰੱਖਦੇ ਹਨ ।ਭਰਵੀਂ ਫਸਲ ਹੁੰਦੀ ਹੈ। ਖੁਲਾ ਪੈਸਾ ਆ ਰਿਹਾ ਹੈ ।ਤਾਂ ਹੀ ਉਹ ਗਊਸ਼ਾਲਾ,ਗੁਰੂਘਰ ਲੰਗਰ ਅਤੇ ਹੋਰ ਧਾਰਮਿਕ ਸਮਾਜਿਕ ਕੰਮਾਂ ਲਈ ਦਿਲ ਖੋਲ ਕੇ ਦਾਨ ਕਰਦੇ ਹਨ ।ਸਰਦਾਰ ਸਾਹਿਬ ਦੇ ਦੋਨੇ ਬੇਟੇ ਬੜੇ ਲਾਇਕ ਅਤੇ ਆਗਿਆਕਾਰੀ ਹਨ ।ਪਿਤਾ ਤੋਂ ਚੰਗੇ ਸੰਸਕਾਰ ਮਿਲੇ ਹਨ। ਵੱਡਾ ਸੋਹਣ ਸਿੰਘ ਸਮਝਦਾਰ ਤਾਂ ਬਹੁਤ ਹੈ ਪਰ ਉਸਨੂੰ ਗੁੱਸਾ ਬਹੁਤ ਆਉਂਦਾ ਹੈ ।ਸੋਹਣ ਸਿੰਘ ਚਾਲੀ ਵਿਆਲੀ ਸਾਲਾਂ ਦਾ ਹੈ। ਦੋ ਸੋਹਣੇ ਬੱਚੇ ਹਨ ।ਵੱਡੀ ਪੁੱਤਰੀ ਹੈ ਸਿਮਰਨ ਕੌਰ ਜੋ ਅਠਾਰਾਂ ਸਾਲਾਂ ਦੀ ਹੈ ਅਤੇ ਸ਼ਹਿਰ ਦੇ ਕਾਲਿਜ ਸਕੂਟਰੀ ਤੇ ਪੜਣ ਜਾਂਦੀ ਹੈ ।ਉਹ ਭੀ ਆਪਣੀ ਮਾਂ ਤੇ ਗਈ ਹੈ ।ਸ਼ਕਲ ਸੂਰਤ ਅਤੇ ਸੁਭਾਅ ਬੜਾ ਨਿੱਘਾ ਹੈ ।ਮਾਂ ਜਿਹੇ ਨੈਣ ਨਕਸ਼ ,ਰੰਗ ਅਤੇ ਕੱਦ ਕਾਠੀ ਪੱਖੋਂ ਦੋਵੇਂ ਭੈਣਾਂ ਲਗਦੀਆਂ ਹਨ ।ਕੁੜੀ ਦੇ ਲੰਮੇਂ ਵਾਲ ਉਸਦੀਆਂ ਸਹੇਲੀਆਂ ਚ ਈਰਖਾ ਦਾ ਕਾਰਨ ਬਣਦੇ ਹਨ ।ਮੋਟੀਆਂ ਅੱਖਾਂ ਚ ਸ਼ਰਮੋ- ਹਆ ਝਲਕਦਾ ਹੈ ।ਚੁੰਨੀ ਹਮੇਸ਼ਾ ਸਿਰ ਤੇ ਰਹਿੰਦੀ ਹੈ ।ਮੁੰਡਾ ਛੋਟਾ ਹੈ ਨਾਂਓਂ ਹੈ ਪਾਲ ਸਿੰਘ। ਓਹ ਗਿਆਰਵੀਂ ਚ ਪਿੰਡ ਦੇ ਹੀ ਪ੍ਰਾਈਵੇਟ ਸਕੂਲ ਚ ਪੜਦਾ ਹੈ ।ਦੋਵੇਂ ਬੱਚੇ ਪਿਤਾ ਦੀ ਨਾਨੀ ਦੀ ਬੜੀ ਸੇਵਾ ਕਰਦੇ ਹਨ।ਖੇਤ ਅਤੇ ਘਰ ਦੇ ਕੱਮ ਕਰਨ ਲਈ ਕਈ ਨੌਕਰ ਰੱਖੇ ਹਨ ।ਉਹ ਸਾਰੇ ਇਸੇ ਪਿੰਡ ਦੇ ਹਨ ਅਤੇ ਜੀ ਲਾਕੇ ਕੱਮ ਕਰਦੇ ਹਨ ।ਉਨ੍ਹਾਂ ਦੇ ਸਿਰ ਤੇ ਖੜੇ ਰਹਿਕੇ ਸੋਹਣ ਸਿੰਘ ਕੱਮ ਕਰਵਾਉਂਦਾ ਹੈ ।ਟਰੈਕਟਰ ਚਲਾਉਣਾ ਅਤੇ ਸ਼ਹਿਰੋਂ ਸਮਾਨ ਲਿਆਉਣ ਦਾ ਕੱਮ ਉਹੀ ਕਰਦਾ ਹੈ ।ਪੈਸੇ ਦਾ ਦੇਣ ਲੈਣ ਅਜੇ ਭੀ ਸੁਦਾਗਰਸਿੰਘ ਦੇ ਹੱਥ ਚ ਹੈ ।ਸੋਹਣ ਸਿੰਘ ਹਰ ਮਾਮਲੇ ਚ ਉਹਨਾਂ ਤੋਂ ਫੋਨ ਤੇ ਸਲਾਹ ਲੈਂਦਾ ਹੈ । ਖੇਤ ਚ ਕੱਮ ਕਰਨ ਆਲੇ ਸਾਰੇ ਸੀਰੀ ਅਤੇ ਮਜਦੂਰਾਂ ਦੀ ਰੋਟੀ ਘਰੋਂ ਇਕ ਨੌਕਰ ਖੇਤ ਲੈਕੇ ਜਾਂਦਾ ਹੈ। ਆਥਣੇ ਉਹ ਖੁਦ ਲੈਕੇ ਜਾਂਦੇ ਹਨ ।ਸਾਰੇ ਨੌਕਰ ਸਰਦਾਰ ਸਾਹਿਬ ਦਾ ਬੜਾ ਆਦਰ ਕਰਦੇ ਹਨ ।ਉਹ ਜਦੋਂ ਭੀ ਆਉਂਦੇ ਹਨ ਸਬ ਨਾਲ ਘਰ ਦੇ ਜੀਆਂ ਵਾਂਗ ਮਿਲਦੇ ਹਨ ,ਘਰ ਪਰਿਵਾਰ ਦੀ ਰਾਜੀ ਖੁਸ਼ੀ ਪੁੱਛਦੇ ਹਨ ।ਹਰ ਇਮਦਾਦ ਕਰਦੇ ਹਨ ।ਵਾਰ ਤਿਹਾਰ ਉਹਨਾਂ ਲਈ ਮਠਿਆਈ ,ਕਪੜੇ ਆਦਿਕ ਲਿਆਉਂਦੇ ਹਨ । ਮਾੜੂ ਇਹਨਾਂ ਦੇ ਦੋ ਸਾਲ ਤੋਂ ਸੀਰੀ ਹੈ।ਤਕੜੇ ਭਰਵੇਂ ਸ਼ਰੀਰ ਆਲਾ ਅਤੇ ਕੱਮ ਦਾ ਜਾਣਕਾਰ ਹੈ ਉਹ ।ਉਂਝ ਤਾਂ ਉਸਦਾ ਨਾਂਓਂ ਨਛੱਤਰ ਹੈ ਪਰ ਉਹ ਤਿੱਤਰ ਬੜੇ ਮਾਰਦਾ ਹੈ ਪਿੰਡ ਵਾਲੇ ਓਹਨੂੰ ਟੋਕਦੇ ਹਨ ਕਿ ਮਾੜਾ ਕੰਮ ਨਾ ਕਰਿਆ ਕਰ ।ਬਸ ਓਥੋਂ ਮਾੜਾ ਫੇਰ ਮਾੜੂ ਨਾਂਓਂ ਪੈ ਗਿਆ ।ਪਿੰਡਾਂ ਵਿਚ ਇੰਝ ਹੀ ਨਾਂਓਂ ਟਿਕ ਜਾਂਦੇ ਹਨ ।ਉਹ ਛੱਬੀ ਸਾਲ ਦਾ ਕਾਮਾ ਗਬਰੂ ਹੈ ।ਸਕੂਲ ਦਾ ਮੂੰਹ ਨਹੀਂ ਦੇਖਿਆ ਬਸ ਸਰਦਾਰਾਂ ਦੇ ਘਰਾਂ ਵਿਚ ਪਸ਼ੂ ਪਾਲਣ ਅਤੇ ਖੇਤੀ ਦਾ ਕੱਮ ਬਾਲਪਣੇ ਤੋਂ ਕਰਦਾ ਆ ਰਿਹਾ ਹੈ ।ਦੋ ਸਾਲ ਪਹਿਲਾਂਵਿਆਹ ਹੋ ਗਿਆ ਇਕ ਮੁੰਡਾ ਭੀ ਹੋ ਗਿਆ,ਹੁਣ ਛੀ ਮਹੀਨਿਆਂ ਤੋਂ ਘਰਵਾਲੀ ਰੁੱਸਕੇ ਪੇਕੇ ਬੈਠੀ ਹੈ ।ਉਸਨੇ ਮਾਰਕੁਟ ਕਰਕੇ ਦਾਜ ਮੰਗਣ ਦਾ ਕੇਸ ਭੀ ਕਰਵਾ ਦਿੱਤਾ ਹੈ ।ਇਸ ਗੱਲੋਂ ਮਾੜੂ ਪ੍ਰੇਸ਼ਾਨ ਰਹਿੰਦਾ ਹੈ ਅਤੇ ਸ਼ਰਾਬ ਪੀ ਰਖਦਾ ਹੈ।ਹੁਣ ਉਹ ਮਨ ਲਾਕੇ ਖੇਤ ਵਿਚ ਕੱਮ ਨਹੀਂ ਕਰਦਾ ।ਜਦੋਂ ਸੋਹਣ ਸਿੰਘ ਆਉਂਦਾ ਦਿਸਦਾ ਤਾਂ ਕੱਮ ਤੇ ਲਗ ਜਾਂਦਾ ਨਹੀਂ ਤਾਂ ਪਿਆ ਰਹਿੰਦਾ ।ਉਸਨੇ ਸਰਦਾਰ ਜੀ ਤੋਂ ਕੇਸ ਵਾਸਤੇ ਬੀਹ ਹਜਾਰ ਰੁਪਿਆ ਉਧਾਰ ਭੀ ਲੈ ਰੱਖਿਆ ਸੀ ।ਉਸਦੀ ਭੀ ਚਿੰਤਾ ਸੀ ।ਸੋਹਣ ਸਿੰਘ ਦੇ ਘਰ ਰਾਤ ਦੀ ਰੋਟੀ ਲੈਕੇ ਠੇਕੇ ਜਰੂਰ ਜਾਂਦਾ ।ਉਸ ਦਿਨ ਰਾਤ ਨੂੰ ਮਾੜੂ ਸਾਰੇ ਸੀਰੀਆਂ ਦੇ ਜਾਣ ਤੋਂ ਬਾਅਦ ਹਨੇਰਾ ਹੋਇਆਂ ਰੋਟੀ ਲਿਜਾਣ ਆਇਆ।ਉਦੋਂ ਤਕ ਬੁੱਢੀ ਨਾਨੀ ਸੌਂ ਚੁੱਕੀ ਸੀ ।ਬੱਚੇ ਪੜਨ ਬੈਠ ਗਏ ਸਨ ।ਉਹਨਾਂ ਦੀ ਮੱਮੀ ਰਸੋਈ ਦਾ ਕੱਮ ਮੁਕਾ ਰਹੀ ਸੀ ।ਸੋਹਣ ਭੀ ਉਸ ਦਿਨ ਪਿੰਡ ਗਿਆ ਹੋਇਆ ਸੀ ।ਮਾੜੂ ਸ਼ਰਾਬ ਨਾਲ ਰੱਜ ਕੇ ਆਇਆ ਸੀ ।ਉਹ ਆਪਣੀ ਰੋਜ ਵਾਲੀ ਥਾਂ ਤੇ ਬੈਠਾ ਝੂਲਦਾ ਰਿਹਾ ।ਫੇਰ ਉਸਨੇ ਭਾਂਡੇ ਖੜਕਾਏ ।"ਚਾਚੀ--ਰੋਟੀ--।"ਉਹ ਉੱਚੀ ਆਵਾਜ ਚ ਬੋਲਿਆ ।"ਅੱਜ ਇੰਨੀ ਦੇਰ ਕਰਤੀ ਮਾੜੂ ?"ਰਸੋਈ ਚੋਂ ਸੋਹਣ ਸਿੰਘ ਦੀ ਸਰਦਾਰਨੀ ਬੋਲੀ ।"ਉਹ--ਉਹ-ਅੱਜ ਖੇਤ ਚ ਕੱਮ ਜਿਆਦਾ ਸੀ ।ਮੈਂ ਹੁਣ ਆਇਆਂ ਹਾਂ।"ਬੜਾ ਸੰਭਲ ਕੇ ਬੋਲਿਆ ਉਹ ।ਸਰਦਾਰਨੀ ਨੇ ਪੁੱਤਰ ਪਾਲੀ ਨੂੰ ਸੱਦ ਮਾਰੀ ਪਰ ਉਹ ਪੜਨ ਦਾ ਬਹਾਨਾ ਕਰਕੇ ਆਉਣ ਤੋਂ ਸਾਫ ਮੁੱਕਰ ਗਿਆ ਤਾਂ ਸਿਮਰਨ ਆ ਗਈ।ਮਾੜੂ ਹਨੇਰੇ ਚ ਬੈਠਾ ਸੀ ।ਕੁੜੀ ਝੁੱਕਕੇ ਦਾਲ ਕੌਲੇ ਚ ਪਾਉਣ ਲੱਗੀ ਤਾਂ ਮਾੜੂ ਦੇ ਅੰਦਰਲਾ ਸ਼ੈਤਾਨ ਜਾਗ ਗਿਆ ।ਉਹ ਅੱਜ ਭੀ ਮਾੜੇ ਕੱਮ ਨੂੰ ਤਿਆਰ ਹੋ ਗਿਆ ।ਸ਼ਰਾਬ ਦੇ ਨਸ਼ੇ ਚ ਹਵਸ ਜੋਰ ਮਾਰਨ ਲੱਗੀ ।ਉਸਨੇ ਇਕ ਹੱਥ ਨਾਲ ਕੁੜੀ ਦਾ ਹੱਥ ਅਤੇ ਦੂਜੇ ਨਾਲ ਉਸਦੀ ਗੱਲ ਤੇ ਚੂੰਡੀ ਭਰ ਲਈ ।ਸਿਮਰਨ ਨੂੰ ਇਸ ਨੀਚ ਹਰਕਤ ਦੀ ਰੱਤਾ ਭੀ ਉਮੀਦ ਨਹੀਂ ਸੀ ।ਉਹ ਗੁੱਸੇ ਨਾਲ ਭਰ ਗਈ।ਉਸਨੇ ਭਰਵੀਂ ਲੱਤ ਮਾੜੂ ਦੇ ਬੁਥਾੜ ਤੇ ਮਾਰੀ ।ਇੱਕੇ ਨਾਲ ਉਹ ਪਿਛਾਂ ਡਿੱਗ ਪਿਆ ਅਤੇ ਕਾਹਲੀ ਨਾਲ ਉੱਠਕੇ ਭੱਜ ਗਿਆ ।ਖੜਕਾ ਸੁਣਕੇ ਸਰਦਾਰਨੀ ਅਤੇ ਪਾਲੀ ਭੀ ਕਾਹਲੀ ਨਾਲ ਆ ਗਏ । ਸਿਮਰਨ ਮਾਂ ਨਾਲ ਚਿੰਬੜ ਗਈ ।ਰੋ ਕੇ ਸਾਰੀ ਗੱਲ ਦੱਸੀ ।ਰਾਤ ਨੂੰ ਮਾਂ ਨੇ ਉਸਨੂੰ ਆਪਣੇ ਨਾਲ ਪਾਇਆ ਅਤੇ ਸਮਝਾਇਆ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ।ਡੈਡੀ ਜਾਂ ਦਾਦਾਜ਼ੀ ਨੂੰ ਭੀ ਨਹੀਂ ।ਜਵਾਨ ਕੁੜੀਆਂ ਦੀ ਝੂਠੀ ਬਦਨਾਮੀ ਸੱਚ ਮੰਨ ਲਈ ਜਾਂਦੀ ਹੈ ।ਪਰਿਵਾਰ ਦੇ ਲੋਕ ਸਿਰ ਚੁੱਕ ਕੇ ਚੱਲਣ ਲਾਇਕ ਨਹੀਂ ਰਹਿੰਦੇ ।ਮਰਨ ਮਾਰਨ ਦੀ ਨੌਬਤ ਆ ਜਾਂਦੀ ਹੈ ।ਸਾਡੇ ਆਦਮੀ ਮਰਨ ਜਾਂ ਜੇਲ ਜਾਣ ਦੋਨਾਂ ਹਾਲਾਤਾਂ ਤੋਂ ਅਸੀਂ ਹੀ ਉਹਨਾਂ ਨੂੰ ਬਚਾਉਣਾ ਹੈ ।ਕੁੜੀ ਨੇ ਮਾਂ ਨੂੰ ਭਰੋਸਾ ਦਿੱਤਾ ਪਰ ਉਸਦੀ ਭੁੱਬ ਨਿਕਲ ਗਈ ।ਉਸਦੇ ਕਾਲਿਜ ਚ ਕਿੰਨੇ ਬਦਮਾਸ਼ ਮੁੰਡੇ ਕੁੜੀਆਂ ਨੂੰ ਤੰਗ ਕਰਦੇ ਹਨ ।ਗਰੀਬ ਕੁੜੀਆਂ ਡਰਦਿਆਂ ਬੋਲਦੀਆਂ ਨਹੀਂ ਪਰ ਕਿਸੇ ਨੇ ਮੇਰਾ ਰਾਹ ਅੱਜ ਤਕ ਨਹੀ ਰੋਕਿਆ ।ਉਹ ਜਾਣਦੇ ਹਨ ਵੱਡੇ ਸਰਦਾਰਾਂ ਦੀ ਧੀ ਹੈ ਅਗਲੇ ਟੋਟੇ ਕਰ ਦੇਣਗੇ।ਸਾਰੇ ਮੇਰੀ ਰਿਸਪੇਕਟ ਕਰਦੇ ਹਨ ਪਰ ਇਸ ਧੇਲੇ ਦੇ ਆਦਮੀਂ ਨੇਂ ਮੇਰੀ ਇੱਜਤ ਤੇ ਹੱਥ ਪਾ ਦਿੱਤਾ ।ਅਗਲੇ ਦਿਨ ਤੋੰ ਮਾੜੂ ਨੇਂ ਆਥਣੇ ਇਹਨਾਂ ਦੇ ਘਰ ਆਉਣਾ ਬੰਦ ਕਰ ਦਿੱਤਾ ।ਦੋ ਤਿੰਨ ਦਿਨਾਂ ਬਾਅਦ ਸੋਹਣ ਸਿੰਘ ਭੀ ਆ ਗਿਆ ।ਘਰ ਦਾ ਮਾਹੌਲ ਆਮ ਵਾਂਗ ਸੀ ।ਪਰ ਉਸਨੇ ਨੋਟ ਕੀਤਾ ਮਾੜੂ ਘਰ ਨਹੀਂ ਆਉਂਦਾ ।ਦੂਜੇ ਸੀਰੀਆਂ ਤੋੰ ਭੀ ਪੁੱਛਿਆ ਸਾਰੇ ਗੱਲ ਟਾਲ ਗਏ।ਪਰ ਬੇਟੇ ਪਾਲ ਸਿੰਘ ਨੇ ਸਾਰੀ ਗੱਲ ਸੋਹਣ ਸਿੰਘ ਨੂੰ ਦੱਸ ਦਿੱਤੀ ।ਅੰਦਰ ਬੈਠੀ ਸਿਮਰਨ ਨੇਂ ਚਾਂਗ ਮਾਰੀ । ਸੋਹਣ ਸਿੰਘ ਦਾ ਪਾਰਾ ਸੱਤਵੇਂ ਅਸਮਾਨ ਤੇ ਜਾ ਚੜਿਆ ।"ਮੈਨੂੰ ਪਹਿਲਾਂ ਨੀਂ ਦੱਸਿਆ ?---ਮੇਰੇ ਸਾਲੇ ਨੀਚ ਦੀ ਐਨੀ ਹਿੰਮਤ ?"ਉਸਦੀਆਂ ਨਾਸਾਂ ਫੁੱਲੀਆਂ ਪਈਆਂ ਸਨ ।ਅੰਦਰ ਜਾਕੇ ਬੰਦੂਖ ਚੁੱਕ ਲਈ ਅਤੇ ਬਾਹਰ ਨੂੰ ਜਾਣ ਨੂੰ ਔਲਇਆ ਤਾਂ ਸਾਰਿਆਂ ਨੇਂ ਕਮਰੇ ਵਿਚ ਖਿੱਚ ਲਿਆ ।ਸਰਦਾਰਨੀ ਨੇ ਪੈਰ ਫੜ ਲਏ ।" ਹਾੜੇ ,ਧੀ ਦੇ ਭਵਿੱਖ ਲਈ ,ਪਾਪਾਜੀ ਨਾਲ ਗੱਲ ਕਰ ਲਓ।""ਮੇਰੀ ਪੱਗ ਨੂੰ ਹੱਥ ਪਾਇਆ ਹੈ ਉਸਨੇ ।ਮੈਂ ਉਸਨੂੰ ਜਿਉਂਦਾ ਨਹੀਂ ਛਡੂੰਗਾ ।"ਉਹ ਬਾਰ ਬਾਰ ਬਾਹਰ ਜਾਣ ਦੀ ਜਿੱਦ ਕਰ ਰਿਹਾ ਸੀ ।"ਪੁੱਤ ਮੇਰੇ ਸਰੀਕ ਤਾਂ ਪਹਿਲਾਂ ਹੀ ਤੇਰੇ ਤੇ ਮੱਚਦੇ ਹਨ ,ਉਹਨਾਂ ਨੂੰ ਇਹ ਗੱਲ ਪਤਾ ਚਲੂ ਤਾਂ ਮੇਹਣੇ ਮਾਰ ਕੇ ਹੀ ਮੈਨੂੰ ਮਾਰ ਦੇਣਗੇ । ਗ਼ੁੱਸਾ ਥੁੱਕ ਦੇ ।"ਨਾਨੀ ਨੇ ਭੀ ਹੱਥ ਬੰਨੇ ।ਸੋਹਣ ਸਿੰਘ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਸਰਦਾਰਨੀ ਨੇ ਸੁਦਾਗਰ ਸਿੰਘ ਨੂੰ ਫੋਨ ਕਰਕੇ ਰਾਤ ਨੂੰ ਹੀ ਬੁਲਾ ਲਿਆਂ ।ਸਰਦਾਰ ਨੇ ਆਉਂਦਿਆਂ ਹੀ ਹਾਲਾਤ ਸੰਭਾਲ ਲਏ।ਸੋਹਣ ਸਿੰਘ ਨੂੰ ਘਰ ਦੀ ਇੱਜਤ ਅਤੇ ਅਪਨੇ ਮਾਨ ਸਨਮਾਨ ਦਾ ਵਾਸਤਾ ਦਿੱਤਾ ।ਉਸਨੂੰ ਸਮਝਾਇਆ । "ਨੀਚ ਨਾਲ ਨੀਚ ਹੋਣ ਵਿੱਚ ਕੀ ਸਿਆਣਪ ਹੈ ? ਉਸਨੂੰ ਮਾਰਨਾ ਮੁਸ਼ਕਿਲ ਨਹੀਂ, ਪਰ ਧੀ ਦੀ ਬਦਨਾਮੀ ਦਾ ਬੋਝਾ ਮੈਂ ਝੱਲ ਨਾ ਸਕਾਂਗਾ।ਦੁਨੀਆਂ ਬੱਚਿਆਂ ਨੂੰ ਜੀਣ ਨਾ ਦੇਵੇਗੀ ।" ਸੋਹਣ ਸਿੰਘ ਤੇ ਸਰਦਾਰ ਜੀ ਦੀ ਸਮਝਾਉਣੀ ਦਾ ਅਸਰ ਹੋਇਆ।ਉਹ ਚੁਪ ਰਹਿਣ ਤੇ ਰਾਜੀ ਹੋ ਗਿਆ ।ਸਰਦਾਰ ਹੋਰਾਂ ਨੇ ਇੱਥੇ ਹੀ ਡੇਰਾ ਲਾ ਲਿਆ ।ਸਾਰੇ ਟੱਬਰ ਨੂੰ ਉਹਨਾਂ ਦਾ ਬੜਾ ਹੌਂਸਲਾ ਸੀ । ਹਫਤੇ ਤਕ ਮਾੜੂ ਦੇ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਉਸਨੇ ਸਮਝ ਲਿਆ ਸਿਮਰਨ ਨੇਂ ਕਿਸੇ ਨੂੰ ਦੱਸਿਆ ਨਹੀਂ ।ਉਹ ਦੋਬਾਰਾ ਘਰ ਆਉਣ ਲੱਗ ਪਿਆ ।ਕਿਸੇ ਨੇ ਕੁਛ ਨਹੀਂ ਆਖਿਆ ।ਉਹ ਸੋਹਣ ਸਿੰਘ ਦੇ ਗੁੱਸੇ ਤੋੰ ਡਰਦਾ ਸੀ ਪਰ ਉਸਨੂੰ ਭੀ ਚੁਪ ਦੇਖਕੇ ਬੇਫਿਕਰ ਹੋ ਗਿਆ ।ਹੁਣ ਫੇਰ ਉਹ ਖੇਤ ਸ਼ਰਾਬ ਪੀਣ ਲੱਗ ਪਿਆ ।ਦੂਜੇ ਸੀਰੀਆਂ ਅੱਗੇ ਬਕਵਾਸ ਕਰਦਾ ਰਹਿੰਦਾ "ਦੇਖ ਲਿਓ ਸੋਹਣੇ ਦੀ ਕੁੜੀ ਨੂੰ ਘਰ ਆਲੀ ਬਣਾ ਕੇ ਛਡੂੰਗਾ ।"ਦੂਜੇ ਸੀਰੀ ਸ਼ਰਾਬੀ ਦੀ ਬਕਚਾਲ ਸਮਝਕੇ ਚੁਪ ਹੋ ਜਾਂਦੇ ।ਸਰਦਾਰ ਜਾਂ ਸੋਹਣ ਸਿੰਘ ਆਉਂਦਾ ਦਿਸਦਾ ਤਾਂ ਕੱਮ ਲੱਗ ਜਾਂਦਾ । ਇੱਕ ਦਿਨ ਤਾਂ ਉਸਨੇ ਹੱਦ ਈ ਕਰਤੀ ।ਖੇਤ ਜਾਕੇ ਦਾਰੂ ਪੀਕੇ ਊਲ ਜਲੂਲ ਬਕਣ ਲੱਗਾ ।ਨਰਮੇ ਵਿੱਚ ਗੋਡੀ ਹੋ ਰਹੀ ਸੀ ।ਉਹ ਕਸੀਆ ਸਿੱਧਾ ਜੜ ਚ ਮਾਰਦਾ । ਨਰਮਾ ਪੱਟਣ ਲੱਗ ਗਿਆ ।ਦੂਜੇ ਸੀਰੀਆਂ ਨੇ ਬਹੁਤ ਸਮਝਾਇਆ ਤਾਂ ਓਹਨਾ ਨਾਲ ਲੜਨ ਲੱਗਾ । ਸੀਰੀ ਡਰਕੇ ਘਰ ਆ ਗਏ।ਉਹਨਾਂ ਨੇ ਸਰਦਾਰ ਨੂੰ ਸਬ ਕੁਛ ਦੱਸਿਆ ,ਸੁਣਕੇ ਸੋਹਣ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । "ਪਾਪਾ ਜੀ, ਮੈਨੂੰ ਹੁਣ ਨਾ ਰੋਕਿਉ ।"ਉਸਨੇ ਭੱਜਕੇ ਬੰਦੂਖ ਚੁੱਕ ਲਈ ਅਤੇ ਘੋੜੀ ਦੇ ਲਗਾਮ ਪਾਉਣ ਲੱਗਾ । ਸਰਦਾਰ ਨੇ ਅੱਗੇ ਆ ਕੇ ਬੰਦੂਖ ਫੜ ਲਈ ਅਤੇ ਸ਼ਾਂਤ ਭਾਵ ਨਾਲ ਆਖਿਆ । "ਬੇਟਾ ਗੁੱਸੇ ਤੇ ਕਾਬੂ ਪਾਓ।ਵਾਹਿਗੁਰੂ ਭਲੀ ਕਰਨਗੇ ।ਘਰ ਬੈਠੋ ।" "ਪਾਪਾ ਜੀ, ਉਹ ਸਿਰ ਤੇ ਚੜਕੇ ਨੱਚ ਰਿਹੈ ,ਤੁਸੀਂ ਸ਼ਾਂਤੀ ਦਾ ਉਪਦੇਸ਼ ਦੇ ਰਹੇ ਹੋਂ ?"ਉਹ ਬੰਦੂਖ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਬੋਲਿਆ । "ਮੇਰਾ ਬੇਟਾ ਹੈਂ ਤਾਂ ਕਿਤੇ ਨਹੀਂ ਜਾਣਾ ।"ਸਰਦਾਰ ਵਿਚ ਅਥਾਹ ਸਬਰ ਸੀ । "ਪਰ ਪਾਪਾਜੀ ਉਹ ਸਾਨੂੰ ਲਲਕਾਰ ਰਿਹੈ ,ਸਾਡੀ ਫਸਲ ਉਜਾੜ ਰਿਹੈ।ਅਸੀਂ ਪਿੱਠ ਦਿਖਾ ਰਹੇ ਹਾਂ ।"ਸੋਹਣ ਸਿੰਘ ਦਾ ਗੁੱਸਾ ਬੋਲ ਰਿਹਾ ਸੀ । "ਮੇਰਾ ਮਾਨ ਰੱਖ ਲੈ ਪੁੱਤਰ ।ਰੱਬ ਤੇ ਭਰੋਸਾ ਰੱਖ ।ਫਸਲ ਹੱਥ ।ਦੀ ਮੈਲ ਹੈ ,ਫੇਰ ਹੋ ਜਾਵੇਗੀ ਆਦਮੀਆਂ ਦਾ ਨੁਕਸਾਨ ਨਹੀਂ ਸਹਿਨ ਹੁੰਦਾ ।" ਸੁਦਾਗਰ ਸਿੰਘ ਨੇ ਘੋੜੀ ਪੁੱਠੀ ਬਨ੍ਹਾਂ ਦਿੱਤੀ ਅਤੇ ਘਰ ਦੇ ਗੇਟ ਨੂੰ ਤਾਲਾ ਲਗਵਾ ਲਿਆ ।ਖੁਦ ਵੇਹੜੇ ਚ ਬੈਠਕੇ ਗੁਟਕਾ ਸਾਹਿਬ ਦਾ ਪਾਠ ਕਰਨ ਲੱਗ ਪਏ । ਖੇਤ ਮਾੜੂ ਨੇ ਕਰੀਬ ਦੋ ਬਿਘੇ ਨਰਮਾ ਲੰਮਾਂ ਪਾ ਦਿੱਤਾ।ਜਦੋਂ ਥੱਕ ਜਾਂਦਾ ਸ਼ਰਾਬ ਪੀ ਲੈਂਦਾ। ਗੰਡਾਸਾ ਹੋਰ ਤਿੱਖਾ ਕਰਕੇ ਪਿੰਡ ਵੱਲ ਤਕਣ ਲੱਗ ਜਾਂਦਾ ।ਉਹ ਮਨ ਵਿਚ ਧਾਰ ਚੁੱਕਾ ਸੀ ਕਿ ਜੇ ਸੋਹਣ ਸਿੰਘ ਆਇਆ ਤਾਂ ਅੱਜ ਉਸਦੇ ਡੱਕਰੇ ਕਰ ਦੇਊਂਗਾ ਫੇਰ ਸਿਮਰਨ ਨੂੰ ਬਾਹੋਂ ਫੜਕੇ ਧੂਹ ਕੇ ਪਿੰਡ ਵਿਚਾਲ ਦੀ ਮੇਰੇ ਘਰ ਲੈਕੇ ਜਾਵਾਂਗਾ । ਆਥਣ ਦੇ ਚਾਰ ਵੱਜ ਗਏ ।ਪਿੰਡੋਂ ਕੋਈ ਨਾ ਆਇਆ ।ਚਾਣਚੱਕ ਪਹਾੜ ਆਲੇ ਪਾਸਿਉਂ ਘੋੜਿਆਂ ਦੀਆਂ ਆਵਾਜ਼ਾਂ ਆਈਆਂ ਅਤੇ ਧੂੜ ਉੱਡਦੀ ਦਿਸੀ ।ਬੇਹਿਸਾਬ ਹਿਣਕਦੇ ਘੋੜੇ ਉਸਦੇ ਉੱਪਰ ਚੜੇ ਆ ਰਹੇ ਸਨ ।ਘੋੜੇ ਫਸਲ ਮਿੱਧ ਰਹੇ ਸਨ ।ਨਹਿੰਗ ਸਿੰਘਾਂ ਦਾ ਕਾਫਲਾ ਆ ਗਿਆ ਸੀ ।ਮਾੜੂ ਨੇ ਗੰਡਾਸਾ ਹੱਥ ਚ ਲਿਆ ਅਤੇ ਤਣ ਕੇ ਅੱਗੇ ਖੜ੍ਹੋ ਗਿਆ । "ਕਿੱਧਰ ਮੂੰਹ ਚੱਕਿਆ ਆ ਕਮਲੇ ਟੋਲੇ ਨੇ ?"" ਮੂੰਹ ਸਮਾਲਕੇ ਗੱਲ ਕਰ ਓਏ ਮਲੇਛਾ ।"ਇੱਕ ਨਹਿੰਗ ਨੇ ਅੱਗੇ ਵਧਕੇ ਆਖਿਆ ।"ਮਲੇਛ ਹੋਊਗਾ ਤੇਰਾ ਪਿਓ ਮੈਂ ਤਾਂ ਖੇਤ ਦਾ ਮਾਲਕ ਹਾਂ ।ਪੁੱਠੇ ਮੁੜ ਜਾਓ ਨਹੀਂ ਤਾਂ ਇੱਕ ਇੱਕ ਦਾ ਕਛਹਿਰਾ ਪਾੜ ਦੂੰਗਾ ।ਕੜਾਹਖਾਣੈ ਨਾ ਹੋਣ ਤਾਂ ।"ਉਸਨੇ ਗੰਡਾਸਾ ਉੱਚਾ ਚੁੱਕ ਲਿਆ ।"ਇਹਨੂੰ ਤਾਂ ਸੋਧਣਾ ਪਏਗਾ ਜਥੇਦਾਰ ਜੀ"ਨਹਿੰਗ ਜਥੇਦਾਰ ਜੀ ਦੇ ਘੋੜੇ ਅੱਗੇ ਖੜ੍ਹੋ ਗਿਆ ।"ਪਾਗਲ ਲਗਦਾ ਹੈ ,ਛੱਡੋ ਪਰੇ ।"ਜਥੇਦਾਰ ਜੀ ਨੇ ਘੋੜਾ ਅੱਗੇ ਤੋਰਿਆ।"ਡਰ ਗਿਆ ਜਮਾਈ ਤੋਂ ?ਵੱਡਾ ਜਥੇਦਾਰ ।"ਮਾੜੂ ਹੱਸਿਆ ।ਹੁਣ ਨਹਿੰਗਾਂ ਨੇ ਇਜਾਜਤ ਲੈਣੀ ਜਰੂਰੀ ਨਾ ਸਮਝੀ ਅਤੇ ਉਸਤੇ ਹੱਲਾ ਬੋਲ ਦਿੱਤਾ ।ਚਾਰ ਜਵਾਨ ਨਹਿੰਗਾਂ ਨੇਂ ਤਲਵਾਰਾਂ ਨਾਲ ਵਿੰਨ੍ਹ ਦਿੱਤਾ ਫੇਰ ਦੋ ਧਾਰੇ ਖੰਡੇ ਨਾਲ ਸਿਰ ਧੜ ਤੋਂ ਵੱਖ ਕਰਕੇ ਨੇਜ਼ੇ ਤੇ ਟੰਗ ਲਿਆ ।ਕਾਫਲਾ ਫੇਰ ਚੱਲ ਪਿਆ ਜਿਵੇਂ ਕੁਛ ਹੋਇਆ ਹੀ ਨਹੀਂ ।"ਉਸ ਪਾਪੀ ਮੱਸੇ ਰੰਘੜ ਦਾ ਸਿਰ ਭੀ ਭਾਈ ਸੁੱਖਾਸਿੰਘ ਮਹਿਤਾਬ ਸਿੰਘ ਇੱਸੇ ਤਰਾਂ ਵਰਛੇ ਤੇ ਟੰਗਕੇ ਲੈ ਆਏ ਸਨ।" ਸਹਮੇਂ ਬੈਠੇ ਭੁਜੰਗੀ ਨੂੰ ਜਥੇਦਾਰ ਸਾਹਿਬ ਨੇ ਦਸਿਆ। ਇਹ ਕੌਣ ਸੀ ਜਥੇਦਾਰ ਜੀ ?" ਭੁਜੰਗੀ ਨੇ ਪੁੱਛਿਆ। "ਦੂਜਾ ਮੱਸਾ ਰੰਘੜ "। ਕਹਿਕੇ ਉਹਨਾਂ ਨੇ ਘੋੜੇ ਨੂੰ ਅੱਡੀ ਲਾਈ ।

1 Comments:

At September 30, 2022 at 11:37 PM , Blogger Sukhvinder singh said...

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹਾਣੀ ਬਹੁਤ ਵਧੀਆ ਸੀ ਮਾੜਾ ਕਰੇਗਾ ਮਾੜਾ ਹੋਵੇਗਾ

 

Post a Comment

Subscribe to Post Comments [Atom]

<< Home