ਮੁਢ ਕਦੀਮ ਤੋਂ ਮਨੁੱਖ ਸੁੱਖ ਦੀ ਭਾਲ ਵਿਚ ਰਿਹਾ ਹੈ । ਸੱਤ ਸੁਖਾਂ ਦੀ ਗੱਲ ਸਦਾ ਤੋਂ ਚਲਦੀ ਆ ਰਹੀ ਹੈ । ਨਿਰੋਗੀ ਕਾਇਆ ,ਜੇਬ ਚ ਮਾਇਆ ,ਸੁਲੱਖਣੀ ਨਾਰੀ ,ਪੁੱਤਰ ਆਗਿਆਕਾਰੀ ,ਨੀਰ ਨਿਵਾਸਾ,ਨਗਰ ਚ ਵਾਸਾ ਅਤੇ ਰਾਜ ਚ ਪਾਸਾ ਇਨ੍ਹਾਂ ਸੱਤ ਸੁੱਖਾਂ ਦੇ ਇਰਦ ਗਿਰਦ ਹੀ ਜੀਵਨ ਚੱਕਰੀ ਘੁੰਮਦੀ ਰਹੀ ਹੈ। ਰਾਜ ਚ ਪਾਸਾ ਦਾ ਅਰਥ ਹੁੰਦਾ ਹੈ ਸਮੇਂ ਦੀ ਹਕੂਮਤ ਤੁਹਾਡੇ ਪੱਖ ਵਿਚ ਹੋਵੇ।ਰਾਜ ਹੀ ਖਿਲਾਫ ਹੋ ਗਿਆ ਤਾਂ ਜਿਉਣਾ ਮੁਹਾਲ ਹੋ ਜਾਵੇਗਾ ਬਾਗੀ ਹੋਕੇ ਕਿੰਨ੍ਹੇ ਦਿਨ ਜੀ ਸਕਦੇ ਹੋਂ । ਇਨ੍ਹਾਂ ਸੱਤਾਂ ਸੁੱਖਾਂ ਵਿੱਚੋਂ ਨੀਰ ਨਿਵਾਸਾ ਅਤੇ ਨਗਰ ਚ ਵਾਸਾ ਬੜੇ ਅਹਿਮ ਤੱਤ ਹਨ।ਪਾਣੀ ਦੇ ਵੱਡੇ ਸਰੋਤ ਕੋਲ ਬਸਤੀ ਵਸਾਉਣੀ ਸਮਝਦਾਰੀ ਹੁੰਦੀ ਸੀ । ਪਾਣੀ ਜੀਣ ਲਈ ਮੁਢਲੀ ਜਰੂਰਤ ਹੁੰਦਾ ਹੈ । ਸਮੂਹ ਵਿੱਚ ਵਸਣਾ ਭੀ ਸੁਰਖਿਆ ਦਾ ਪਹਿਲਾ ਅਸੂਲ ਹੈ ।ਵੱਡੇ ਪਰਿਵਾਰਾਂ ਦਾ ਵਿਚਾਰ ਭੀ ਬਜ਼ੁਰਗਾਂ ਦੇ ਦਿਮਾਗ ਵਿੱਚ ਹਰ ਤਰਾਂ ਦੀ ਸੁਰੱਖਿਆ ਅਤੇ ਹਰ ਕੰਮ ਦੀ ਸੁਖਾਲੀ ਕਰਕੇ ਹੀ ਆਇਆ ਹੋਵੇਗਾ । ਮਸ਼ੀਨੀ ਜੁੱਗ ਤੋਂ ਪਹਿਲਾਂ ਖਾਨਾਵਦੋਸ਼, ਕਬੀਲੇ ਅਤੇ ਜਾਤੀਆਂ ਦੇ ਮਨੁੱਖੀ ਝੁੰਡ ਹਮੇਸ਼ਾ ਨਦੀਆਂ ਕਿਨਾਰੇ, ਝੀਲਾਂ, ਝਰਨਿਆਂ ਦੇ ਕੋਲ ਹੀ ਵਸੇ। ਸ਼ਿਕਾਰ ਆਦਿ ਕਰਨ ਲਈ ਦੂਰ ਜਾਇਆ ਜਾ ਸਕਦਾ ਹੈ ਪਰ ਪਾਣੀ ਹੱਥ ਦੇ ਹੇਠ ਹੋਣਾ ਚਾਹੀਦਾ ਹੈ । ਸਮਾਂ ਪਾਕੇ ਚਿਰ ਸਥਾਈ ਰੂਪ ਵਿਚ ਇਕੋ ਥਾਂ ਵਸਣ ਦਾ ਖਿਆਲ ਆਉਂਦਾ ਗਿਆ ਅਤੇ ਨਗਰ ਵੱਸਦੇ ਗਏ । ਪ੍ਰਾਚੀਨ ਸਿੰਧੂ ਘਾਟੀ ,ਨੀਲ ਜਾਂ ਚੀਨੀ ਸਭਿਅਤਾ ਦੇ ਸਬੂਤ ਨਦੀਆਂ ਕਿਨਾਰੇ ਹੀ ਮਿਲੇ ਹਨ । ਛੋਟੇ ਪੱਧਰ ਤੇ ਪਿੰਡ ਭੀ ਇੱਸੇ ਖਿਆਲ ਕਰਕੇ ਵਸੇ ਹੋਣਗੇ। ਸਾਲਾਂ ਵੱਧੀ ਪਏ ਵੱਡੇ ਮਾਰੂ ਅਕਾਲ ,ਪਾਣੀ ਖਤਮ ਹੋਣ , ਕੁਦਰਤੀ ਕਹਿਰ ਜਾਂ ਹਕੂਮਤ ਦੀ ਕਰੋਪੀ ਕਰਕੇ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਹਿਜਰਤ ਕਰਕੇ ਵਸਣਾ ਪੈਂਦਾ ਸੀ । ਤਦ ਭੀ ਕਿਸੇ ਢੁੱਕਮੀ ਰਾਖਵੀਂ ਥਾਂ ਤੇ ਜਿੱਥੇ ਖੁਦ ਲਈ ਅਤੇ ਸਹੁਲੀਅਤ ਲਈ ਰੱਖੇ ਪਸ਼ੂਆਂ ਦੇ ਢਿੱਡ ਭਰਨ ਲਈ ਕੁਦਰਤੀ ਭੰਡਾਰ ਅਖੁਟ ਹੋਣ ਉੱਥੇ ਹੀ ਦੁਬਾਰਾ ਵਸਿਆ ਜਾਂਦਾ ਸੀ । ਜਿੱਥੇ ਨਦੀਆਂ ਝੀਲਾਂ ਸੋਮੇ ਨਹੀਂ ਸਨ ਜਿਵੇਂ ਮਾਰੂਥਲ ਓਥੇ ਪਾਣੀ ਲਈ ਖੁਦੇ ਖੂਹ ਤਲਾਅ, ਛੱਪੜ,ਢਾਬ,ਬਾਵੜੇ, ਟਾਂਕੇ, ਆਦਿਕ ਸਬੂਤ ਦੇ ਤੌਰ ਤੇ ਅੱਜ ਭੀ ਖੜੇ ਹਨ । ਪਿੰਡ ਵਸਾਉਣ ਤੋਂ ਪਹਿਲਾਂ ਜਿਥੇ ਕੁਦਰਤੀ ਜਲ ਵਸੀਲਾ ਨਹੀਂ ਹੁੰਦਾ ਸੀ ਉੱਥੇ ਖੂਹ ਜਾਂ ਪੱਕੀ ਮਿੱਟੀ ਦੇਖਕੇ ਛੱਪੜ ਤਿਆਰ ਕੀਤਾ ਜਾਂਦਾ ਤਾਂ ਜੋ ਮੀਂਹ ਨਾਲ ਸਾਲ ਭਰ ਦਾ ਜਲ ਜ਼ਖੀਰਾ ਰਾਖਵਾਂ ਹੋ ਜਾਵੇ । ਕਈ ਕਈ ਪਿੰਡਾਂ ਦੇ ਵਿਚਕਾਰ ਬਣੇ ਇੱਕੋ ਇੱਕ ਛੱਪੜ ਸਾਂਝੇ ਸਹਿਕਾਰ ਜੀਵਨ ਦੇ ਝੰਡੇ ਬੁਲੰਦ ਕਰਦੇ ਅੱਜ ਭੀ ਦਿਖਾਈ ਦੇ ਜਾਂਦੇ ਹਨ।ਪਿੰਡ ਮੋਰਜੰਡ ਸਿਖਾਂ ਜਦੋਂ ਵਜੂਦ ਚ ਆਇਆ ਓਦੋਂ ਪਾਣੀ ਦੀ ਬਹੁਤ ਘਾਟ ਸੀ । ਆਸੇ ਪਾਸੇ ਟਿੱਬੇ ਬਹੁਤ ਸਨ ਅਤੇ ਆਏ ਦਿਨ ਰੇਤਲੀਆਂ ਹਨੇਰੀਆਂ ਆਉਂਦੀਆਂ ਰਹਿੰਦੀਆਂ ਸਨ, ਜੋ ਕਈ ਕਈ ਦਿਨ ਚਲਦੀਆਂ । ਉਨ੍ਹਾਂ ਦੇ ਨਾਮ ਭੀ ਪ੍ਰਚੰਡਤਾ ਮੁਤਾਬਕ ਕਾਲੀ ਬੋਲ਼ੀ ,ਲਾਲ ਜਾਂ ਪੀਲੀ ਹਨੇਰੀ ਰੱਖੇ ਗਏ ਸਨ । ਵਾ ਵਰੋਲੇ ਧੁਰ ਅਸਮਾਨੀ ਘੁੱਮ ਘੁੰਮੇਰੀਆਂ ਪਾਉਂਦੇ । ਰੇਤਲੀ ਖੱਖ ਤਾਂ ਚੜੀ ਹੀ ਰਹਿੰਦੀ । ਕਈ ਦਿਨ ਲਗਾਤਾਰ ਹਨੇਰੀ ਚਲਦੀ ਤਾਂ ਜਨ ਜੀਵਨ ਠਹਿਰ ਜਾਂਦਾ । ਰੇਤਲੀ ਮਾਰੂਥਲ ਧਰਤੀ ਪਾਣੀ ਨੂੰ ਸੋਖ ਜਾਂਦੀ ਸੀ।ਹਰਿਆਲੀ ਦੇਖਣ ਨੂੰ ਨਹੀਂ ਮਿਲਦੀ ਸੀ ।ਰਾਜਪੁਤਾਨੇ ਵਿੱਚ ਜੰਡ ਦਰਖਤ ਬਹੁਤ ਹੁੰਦੇ ਰਹੇ ਹਨ ਉਹ ਇੱਥੇ ਭੀ ਸਨ । ਪਿੰਡ ਦਾ ਨਾਉਂ ਭੀ ਇੱਸੇ ਦਰਖਤ ਕਾਰਨ ਰਖਿਆ ਗਿਆ ਹੈ । ਇੱਥੇ ਹੇਠਲਾ ਪਾਣੀ ਬਹੁਤ ਖਾਰਾ ਸੀ । ਪਿੰਡ ਦੀ ਮਿੱਠੀ ਹੇਠਾਂ ਤਕ ਰੇਤਲੀ ਸੀ ।ਟੋਬਾ ਬਣਾਉਣਾ ਅਕਲਮੰਦੀ ਨਹੀਂ ਸੀ । ਖੂਹ ਪੁੱਟ ਕੇ ਦੇਖ ਲਿਆ ਸੀ ਜਿਸ ਵਿਚੋਂ ਜਹਿਰ ਵਰਗਾ ਖਾਰਾ ਪਾਣੀ ਨਿਕਲਿਆ ਸੀ । ਅੱਜ ਭੀ ਪਿੰਡ ਦੇ ਪਹਾੜ ਵਾਲੇ ਪਾਸੇ ਖੜਾ ਹੈ ਅਤੇ ਖਾਰਾ ਖੂਹ ਦੇ ਨਾਂਓਂ ਤੋਂ ਜਾਣਿਆ ਜਾਂਦਾ ਹੈ । ਆਸੇ ਪਾਸੇ ਕਈ ਪਿੰਡ ਵਸ ਚੁੱਕੇ ਸਨ ।ਸੰਗਰੀਆਂ,ਧੌਲੀਪਾਲ,ਲੀਲਾਂਵਾਲੀ,ਬੋਲਾਂਵਾਲੀ, ਨੁਕੇਰਾ ਆਦਿਕ ਪਿੰਡ ਪੁਰਾਣੇ ਹਨ । ਪਰ ਖੂਹ ਕਾਮਯਾਬ ਨਹੀਂ ਹੋਏ । ਇਨ੍ਹਾਂ ਪਿੰਡਾਂ ਦੀ ਪਾਂਡੋ ਮਿੱਟੀ ਹੋਣ ਕਰਕੇ ਛੱਪਡਾਂ ਦਾ ਪਾਣੀ ਵਧੀਆ ਕੰਮ ਸਾਰ ਰਿਹਾ ਸੀ । ਬਹੁਤ ਸਾਲਾਂ ਤਾਈਂ ਦੂਜੇ ਪਿੰਡਾਂ ਤੋਂ ਪਾਣੀ ਮਿਲਦਾ ਰਿਹਾ ।ਸਿਰ ਤੇ ਘੜੇ ਰੱਖ ਸੁਆਣੀਆਂ ਮੀਲਾਂ ਦੂਰ ਤੋੰ ਪਾਣੀ ਲਿਆਉਂਦੀਆਂ ।ਊਠਾਂ ਤੇ ਚੌਕੜ ਪਾਕੇ ਜਾਂ ਬੋਰੇ ਚ ਦੋ ਤੌੜੇ ਰੱਖ ਕੇ ਭੀ ਪਾਣੀ ਢੋਇਆ ਜਾਂਦਾ ।ਇਹ ਉਹ ਜਮਾਨਾ ਸੀ ਜਦੋਂ ਕਿਹਾ ਜਾਂਦਾ ਸੀ ਘਿਓ ਸਸਤਾ ਤੇ ਮਹਿੰਗਾ ਪਾਣੀ ।


0 Comments:
Post a Comment
Subscribe to Post Comments [Atom]
<< Home